मंगलवार, 15 दिसंबर 2009

ਚੱਲ ਚੱਲੀਏ ਏਥੋਂ ਥੋੜਾ ਕੁ ਪਰੇ ....

ਲੋਕ ਏਥੇ ਆ ਗਏ ਨੇ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ



ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ



ਝਗੜਦੇ,ਮਰਦੇ ਤੇ ਮਾਰਦੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ



ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ



ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ



ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ ਕੱਲ ਵੀ ਮਰੇ



ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ



ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ



ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ


(ਬਲਜੀਤ ਪਾਲ ਸਿੰਘ)

सोमवार, 30 नवंबर 2009

ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ.......

ਗਜ਼
..........

ਰਿਝਦਾ ,ਬਲਦਾ ,ਸੜਦਾ ਅਤੇ ਉਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ



ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ



ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ



ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ



ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ



ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ



ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ



ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ


(ਬਲਜੀਤ ਪਾਲ ਸਿੰਘ)

बुधवार, 11 नवंबर 2009

ਗ਼ਜ਼ਲ


ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ ਦਾ ਦੂਰੋਂ ਹੀ ਨਜ਼ਾਰਾ ਲੈ ਕੇ


ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ


ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ


ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ


ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ


ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ


(ਬਲਜੀਤ ਪਾਲ ਸਿੰਘ )

मंगलवार, 3 नवंबर 2009

ਬਲਜੀਤ ਪਾਲ ਸਿੰਘ ਜੀ ਦਾ ਜੀਵਨ ਪਰਿਚਯ .......
ਪ੍ਰਾਪਤੀਆਂ; ਅਖਬਾਰਾਂ ਰਿਸਾਲਿਆਂ ਵਿਚ ਬਹੁਤ ਸਾਰਾ ਮੈਟਰ ਛਪ ਚੁੱਕਾ ਹੈ.
1.ਜੀਵਨ ਮੇਂਬਰ,ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ.
2.ਜੀਵਨ ਮੇਂਬਰ,ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਪੰਜਾਬ
3.ਸੰਸਥਾਪਕ ਮੇਂਬਰ,ਪੰਜਾਬੀ ਸਾਹਿਤ ਸਭਾ ਸਰਦੂਲਗੜ੍ਹ(ਮਾਨਸਾ) ਪੰਜਾਬ.
4ਸੰਸਥਾਪਕ ਮੇਂਬਰ,ਮਾਲਵਾ ਕਲਾ ਮੰਚ ਝੁਨੀਰ(ਮਾਨਸਾ)
5.ਇਸ ਸਾਲ 2009 ਵਿਚ ਡਾਇਰੇਕ੍ਟਰ ਜਨਰਲ ਸਿਖਿਆ ਪੰਜਾਬ ਦੁਆਰਾ ਦੋ ਵਾਰ ਸਨਮਾਨਿਤ.
6ਪਿਛ੍ਲੇ 13 ਸਾਲਾਂ ਤੋਂ ਸਬ ਡਵੀਜਨ ਸਰਦੂਲਗੜ੍ਹ ਪਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ
ਤੇ ਸਨਮਾਨਿਤ ਅਤੇ ਇਹ੍ਨਾ ਸਮਾਰੋਹਾਂ ਦਾ ਸ੍ਟੇਜ ਸ੍ਕੱਤਰ ਹਾਂ.


ਪੇਸ਼ ਹੈ ਓਹਨਾ ਦੀ ਏਕ ਗ਼ਜ਼ਲ .......
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ .....

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

(ਬਲਜੀਤ ਪਾਲ ਸਿੰਘ)

9417324432





सोमवार, 12 अक्टूबर 2009

ਜ਼ਿੰਦਗੀ ਨਾਲ ਕੁਝ ਗੱਲਾਂ ...... ......

ਜ਼ਿੰਦਗੀ ਨਾਲ ਕੁਝ ਗੱਲਾਂ ........

ਨਾਕਾਮ ਹਾਂ
ਨਾਉਮ੍ਮੀਦ ਨਹੀਂ
ਏ ਜ਼ਿੰਦਗੀ

ਗੁਮਸੁਮ, ਉਦਾਸ
ਤੇਰੀ ਇਹ ਚੌਖਟ
ਮੁਸਕਿਲ ਹੈ ਤੇਰਾ ਸਫ਼ਰ

ਕਦੇ ਧੁਪ ,ਕਦੇ ਛਾਂ
ਕਦੇ ਪਤਝੜ, ਕਦੇ ਬਹਾਰ
ਕਿਸੇ ਦੇ ਚਾਹਿਣ ਨਾ ਵੀ ਨਹੀਂ ਬਦਲਦੀ
ਇਹ ਰੁਤ...
ਨਹੀਂ ਬਦਲਦੀ ਜ਼ਮੀਨ ਵੀ ਕਰਵਟ

ਕਿਤਨੇ ਲਾਚਾਰ ਕਿਤਨੇ ਮਜਬੂਰ
ਹਾਲਾਤ ਦੇ ਅੱਗੇ ....

ਜਾਣਦੀ ਹਾਂ
ਮੇਰੀ ਕ਼ਲਮ ਨਹੀਂ ਮਿਟਾ ਸਕਦੀ
ਤਕਦੀਰ ਦਾ ਲਿਖਿਆ
ਫੇਰ ਵੀ ...
ਮੇਰੀ ਆਸ ਵਿਚ
ਅਜੇ ਚੇਤਨਾ ਬਾਕੀ ਹੈ
ਇਕ ਵਿਸ੍ਵਾਸ ਹੈ .......

ਬਹਿਰੇ ਵੀ ਸੁਨ ਲੇਂਦੇ ਨੇ
ਸੱਚਾਈ ਦੀ ਆਵਾਜ਼
ਦੇਣਾ ਪਵੇਗਾ ਓਸ ਖੁਦਾ ਅੱਗੇ
ਤੈਨੂ ਵੀ ਜਵਾਬ
ਤਦ ....
ਬੜਾ ਮੁਸ਼ਕਿਲ ਹੋ ਜਾਵੇਗਾ
ਤੈਨੂ ਕਦਮ ਵੀ ਪੂਟਣਾ .....

ਵਕ਼ਤ ਭਰ ਦਏਗਾ ਇਕ ਦਿਨ
ਮੇਰੇ ਜਖਮਾਂ ਨੂੰ
ਪਾਵੇਂ ਰਹਿ ਜਾਣ ਕੁਝ
ਸ਼ੀਸ਼ੇ ਉੱਤੇ ਪਏ
ਖਰਾਸ਼ਾਂ ਦੇ ਨਿਸ਼ਾਨ ....!!

मंगलवार, 22 सितंबर 2009

ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ......

ਦਿਲ ਦੇ ਬੂਹੇ ਚੁੱਪ ਹੋ ਗਏ,ਕੋਈ ਦਸਤਕ ਮਿਲੇ।
ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ।

ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।

ਸੰਤਾਪ ਹੰਢਾਊਣਾ ਸਦਾ ਇਸ਼ਕ ਦੇ ਹਿੱਸੇ ਆਇਆ,
ਹੁਸਨ ਨੂੰ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ।

(A ghazal by Baljeet Pal Singh)

(२)

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ.........

ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ
ਬੁਝੇ ਅਨਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ

ਮੁੱਠੀ ਭਰ ਆਪਨੇ ਵਰਗੇ ਤਲਾਸ਼ ਲਏ ਜਿਸ ਦਿਨ
ਓਹਨਾ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ

ਜਿਸਨੇ ਆਪਨੇ ਪਰਜਾ ਨੂੰ ਗਾਜ਼ਰ ਮੂਲੀ ਸਮਝਇਆ
ਉਸ ਹਾਕਮ ਲਈ ਅੱਖਾਂ ਵਿਚ ਸ਼ਮਸ਼ਾਨ ਬਣਾਈ ਫਿਰਦੇ ਹਾਂ

ਇਨਸਾਫ਼ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌੰਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ

(B।P।Singh)

शुक्रवार, 4 सितंबर 2009

ਹਂਝੂ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ


ਦਿਲ ਦੇ ਜਦੋ ਲੁਕਾਏ ਹਂਝੂ
ਅਖੀ ਭਰ ਭਰ ਆਏ ਹਂਝੂ

ਇਹ ਯਾਦਾਂ ਦਾ ਖਾ ਰਾ ਪਾਣੀ
ਜਖਮੀ ਨਮਕ ਲਗਾਏ ਹਂਝੂ

ਜਦ ਵੇਖੀ ਤਸਵੀਰ ਤੇਰੀ ਮੈ
ਸਾਡੇ ਰੁਕ ਨਾ ਪਾਏ ਹਂਝੂ

ਦਿਲ ਦਾ ਦਰ੍ਦ ਅਜੋਕਾ ਸਾਜਨ
ਆ ਪਲਕੀਂ ਬਸ ਜਾਏ ਹਂਝੂ

ਮੌਸਮ ਦਾ ਸ਼ਿਕਵਾ ਹੈ ਢਾਡਾ
ਸਾਵਣ ਬਣ ਬਣ ਆਏ ਹਂਝੂ

ਕੀ ਹੱਸਾਂ ਤੇ ਕੀ ਰੋਵਾਂ ਮੈ
ਦਰ੍ਦ ਵਿਛੋਡਾ ਗਾਏ ਹਂਝੂ

ਮਾ ਨੇ ਸੀ ਭਰ ਗਠਡੀ ਦਿਤੀ
ਦਾਜ ਅਸਾਂ ਦੇ ਆਏ ਹਂਝੂ

ਮੇਰੇ ਸਜਨਾ ਆ ਜਾ ਹੁਣ ਤਾਂ
ਪ੍ਲ ਪਲ ਹੀ ਤਡਪਾਏ ਹਂਝੂ

ਖਬਰੇ ਤੂ ਵੀ ਰੋਂਦਾ ਹੋਂਵੇਂ
ਏਸੇ ਗਲ ਤੋਂ ਆਏ ਹਂਝੂ

ਲਾ ਕੇ ਤੇਰੇ ਨਾਲ ਕੀ ਖਟਿਯਾ
ਬੁੱਕਂ ਨਾਲ ਲੁਟਾਯੇ ਹਂਝੂ

ਨੇਤਾਵਾਂ ਦੇ ਵੇਖ ਕੇ ਚਾਲੇ
ਜਨਤਾ ਰੋਜ਼ ਬਹਾਯੇ ਹਂਝੂ

ਔਰਤ ਦਾ ਗਹਿਣਾ ਹੈ ਨਿਰਮਲ
ਇਸ ਦਾ ਸਾਤ ਨਿਭਾਏ ਹਂਝੂ

ਈ-ਮੇਲ ਰਾਹੀਂ ਮਿਲੀ ਨਿਰਮਲਾ ਕਪਿਲਾ ਜੀ ਦੀ ਗ਼ਜ਼ਲ

ਪੰਜਾਬ ਬਾਰੇ ਜਾਣਕਾਰੀ ਲਭੋ ਜੀ