शुक्रवार, 16 अप्रैल 2010

ਪੁੰਜਾਬ ਦੀਆਂ ਬੋਲੀਆਂ ..........

ਪੁੰਜਾਬ ਦੀਆਂ ਬੋਲੀਆਂ ..........


ਆਰੀ ਆਰੀ ਆਰੀ
.ਮੁੰਡਾ ਮੇਰਾ ਰੋਵੇ ਅੱਬ ਨੂੰ
ਤੂੰ ਕਾਹਿਦਾ ਪਟਵਾਰੀ
ਲਡੂਆਂ ਨੂੰ ਚਿਤ ਕਰਦਾ
ਲਡੂਆਂ ਨੂੰ ਚਿਤ ਕਰਦਾ
ਮੁੰਡਿਆ ਤੇਰੀ ਕੀ ਸਰਦਾਰੀ .....


ਮੇਲਾ ਵੇਖਣ ਚਲੀਆਂ ਕੁੜੀਆਂ
ਮੇਲੇ ਵਿਚ ਭੀੜ ਸੀ ਭਾਰੀ
ਜੇਠ ਵੇਖੇ ਘੂਰ ਘੂਰ ਕੇ
ਤੇਰੇ ਸਿਰ ਸੂਹੀ ਫੁਲਕਾਰੀ


ਹੀਰ ਕੱਡੇ ਅੱਜ ਜਲੇਬੀ
ਰਾਂਝੇ ਨੇ ਵੇਹੜੇ ਹੇਕ ਮਾਰੀ ....
ਅਖ ਵਿਚ ਦੇਖੋ ਤੇਲ ਪੈ ਗਿਆ
ਟੂਟ ਪੈਣੇ ਨੇ ਦੇ ਜਲੇਬੀ ਮਾਰੀ .....!!

शनिवार, 20 मार्च 2010

ਗਜ਼ਲ......

ਗਜ਼ਲ....

ਬੇਰੁਖੀ ਹੈ ਚਾਰੇ ਪਾਸੇ ਹਰ ਮੌਸਮ ਬਿਮਾਰ ਜਿਹਾ
ਹਰਿਕ ਚੀਜ਼ ਵਿਕਾਊ ਹਰ ਵਿਹੜਾ ਬਜ਼ਾਰ ਜਿਹਾ ।


ਨਿੱਤ ਸੁਣਦੇ ਹਾਂ ਸ਼ੋਰ ਮਸ਼ੀਨਾਂ ਖੜਕਦੀਆਂ
ਕੁਝ ਨਹੀਂ ਸੁਣਦਾ ਝਾਂਜਰ ਦੀ ਛਣਕਾਰ ਜਿਹਾ ।


ਸੰਗੀਤ ਨਹੀਂ ਹੁੰਦੀ ਹਰ ਸਮੇਂ ਵਗਦੀ ਹਵਾ
ਕੋਈ ਬੁੱਲਾ ਤਨ ਤਪਾਏ ਜਦ ਕਟਾਰ ਜਿਹਾ ।


ਜਿਹੜੇ ਬੰਦੇ ਬਦਲ ਜਾਂਦੇ ਮੌਸਮਾਂ ਦੇ ਵਾਂਗਰਾਂ
ਓਹਨਾਂ ਤੋਂ ਵੱਖਰਾ ਵਸਾਈਏ ਚਲੋ ਸੰਸਾਰ ਜਿਹਾ ।


ਚਿਹਰੇ ਉਤੇ ਅੱਖਾਂ ਵਿਚੋਂ ਜੋ ਝਲਕਦਾ ਹੀ ਨਹੀਂ
ਓਪਰਾ ਉਹ ਦਰਦ ਜਾਪੇ ਲਿਆ ਜਿਵੇਂ ਉਧਾਰ ਜਿਹਾ ।


ਲੋਕਤੰਤਰੀ ਨੇਤਾਵਾਂ ਵਰਗੇ ਸੱਜਣ ਬਥੇਰੇ ਨੇ
ਸਿਰਫ ਚੋਣਾਂ ਸਮੇਂ ਹੀ ਦਿੰਦੇ ਨੇ ਦਿਦਾਰ ਜਿਹਾ ।


ਸਿਰਜਣਾ ਦੇ ਪਲ ਬੜੀ ਮੁਸ਼ਕਿਲ ਮਿਲਦੇ
ਸ਼ਬਦਾਂ ਬਾਝੋਂ ਲਿਖਣਾ ਲੱਗਦਾ ਬੇਕਾਰ ਜਿਹਾ।



(ਬਲਜੀਤ ਪਾਲ ਸਿੰਘ)


शनिवार, 13 फ़रवरी 2010

ਅਕਸ ਧੁੰਦਲਾ ਗਿਆ ਹੈ ਇਸ ਕਦਰ ........

ਗਜ਼ਲ-

ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ
ਅਕਸ ਧੁੰਦਲਾ ਗਿਆ ਹੈ ਇਸ ਕਦਰ ਕਿ ਮੇਟਣਾ ਚਾਹੁੰਨਾਂ


ਆਤਿਸ਼ ਅਬਾਦ ਹੈ ਇਸ ਸ਼ਹਿਰ ਦੇ ਹਰੇਕ ਕੋਨੇ ਵਿਚ
ਹੁਣ ਇਸ ਨੂੰ ਖਾਕ ਹੁੰਦੇ ਦੂਰ ਤੋਂ ਬਸ ਦੇਖਣਾ ਚਾਹੁੰਨਾਂ

ਬੜੀ ਦੇਰ ਤੋਂ ਦੁਨੀਆਂ ਲਗਦੀ ਰੁੱਖੀ ਅਤੇ ਉਜਾੜ ਜਹੀ
ਕੋਈ ਲੱਭ ਕੇ ਝੁੰਡ ਰੁਖਾਂ ਦਾ ਥੋੜਾ ਚਿਰ ਲੇਟਣਾ ਚਾਹੁੰਨਾਂ

ਭਿੜ ਸਕਦਾ ਹਾਂ ਅਧਵਾਟੇ ਵੀ ਤੁਹਾਡੇ ਕੁਕਰਮਾਂ ਨਾਲ
ਤੁਸੀਂ ਕਿੰਨੇ ਸਿਤਮਗਰ ਹੋ ਮੈਂ ਇਹ ਪਰਖਣਾਂ ਚਾਹੁੰਨਾਂ

ਰਹਿ ਗਏ ਅਧੂਰੇ ਜੋ ਅਰਮਾਨ,ਸੱਧਰਾਂ ਤੇ ਹਸਰਤਾਂ
ਉਹਨਾਂ ਦੀ ਯਾਦ ਵਿਚ ਕੁਝ ਹੋਰ ਥੋੜਾ ਭਟਕਣਾ ਚਾਹੁੰਨਾਂ

ਪੁੱਟੀਆਂ ਨਹੀਂ ਜਾਂਦੀਆਂ ਲੰਮੀਆਂ ਪੁਲਾਘਾਂ ਇਹਨੀ ਦਿਨੀਂ
ਜਿੰਦਗੀ ਦੇ ਸਫਰ ਵਿਚ ਹੁਣ ਰੀਂਗਣਾ ਸਰਕਣਾਂ ਚਾਹੁੰਨਾਂ

ਜੀਓ ਅਤੇ ਜਿਉਣ ਦਿਉ ਬੜਾ ਅਪਨਾ ਕੇ ਦੇਖ ਲਿਆ
ਕੰਮ ਦਾ ਨਹੀਂ ਇਹ ਫਲਸਫਾ ਜ਼ਮੀਰ ਵੇਚਣਾ ਚਾਹੁੰਨਾਂ

ਫਿਰ ਬੱਦਲਾਂ ਦੀ ਇਕ ਪਤਲੀ ਜਹੀ ਕਾਤਰ ਦੇ ਦਿਉ ਮੈਨੂੰ
ਬੜੀ ਹੀ ਰੀਝ ਹੈ ਪਿਆਸੀ ਧਰਤ ਤੇ ਵਰਸਣਾਂ ਚਾਹੁੰਨਾਂ
(ਬਲਜੀਤ ਪਾਲ ਸਿੰਘ)

मंगलवार, 15 दिसंबर 2009

ਚੱਲ ਚੱਲੀਏ ਏਥੋਂ ਥੋੜਾ ਕੁ ਪਰੇ ....

ਲੋਕ ਏਥੇ ਆ ਗਏ ਨੇ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ



ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ



ਝਗੜਦੇ,ਮਰਦੇ ਤੇ ਮਾਰਦੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ



ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ



ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ



ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ ਕੱਲ ਵੀ ਮਰੇ



ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ



ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ



ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ


(ਬਲਜੀਤ ਪਾਲ ਸਿੰਘ)

सोमवार, 30 नवंबर 2009

ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ.......

ਗਜ਼
..........

ਰਿਝਦਾ ,ਬਲਦਾ ,ਸੜਦਾ ਅਤੇ ਉਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਦਾਂ



ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ



ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ



ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਦਾਂ



ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ



ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ



ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ



ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ


(ਬਲਜੀਤ ਪਾਲ ਸਿੰਘ)

बुधवार, 11 नवंबर 2009

ਗ਼ਜ਼ਲ


ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ ਦਾ ਦੂਰੋਂ ਹੀ ਨਜ਼ਾਰਾ ਲੈ ਕੇ


ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ


ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ


ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ


ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ


ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ


(ਬਲਜੀਤ ਪਾਲ ਸਿੰਘ )

मंगलवार, 3 नवंबर 2009

ਬਲਜੀਤ ਪਾਲ ਸਿੰਘ ਜੀ ਦਾ ਜੀਵਨ ਪਰਿਚਯ .......
ਪ੍ਰਾਪਤੀਆਂ; ਅਖਬਾਰਾਂ ਰਿਸਾਲਿਆਂ ਵਿਚ ਬਹੁਤ ਸਾਰਾ ਮੈਟਰ ਛਪ ਚੁੱਕਾ ਹੈ.
1.ਜੀਵਨ ਮੇਂਬਰ,ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ.
2.ਜੀਵਨ ਮੇਂਬਰ,ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਪੰਜਾਬ
3.ਸੰਸਥਾਪਕ ਮੇਂਬਰ,ਪੰਜਾਬੀ ਸਾਹਿਤ ਸਭਾ ਸਰਦੂਲਗੜ੍ਹ(ਮਾਨਸਾ) ਪੰਜਾਬ.
4ਸੰਸਥਾਪਕ ਮੇਂਬਰ,ਮਾਲਵਾ ਕਲਾ ਮੰਚ ਝੁਨੀਰ(ਮਾਨਸਾ)
5.ਇਸ ਸਾਲ 2009 ਵਿਚ ਡਾਇਰੇਕ੍ਟਰ ਜਨਰਲ ਸਿਖਿਆ ਪੰਜਾਬ ਦੁਆਰਾ ਦੋ ਵਾਰ ਸਨਮਾਨਿਤ.
6ਪਿਛ੍ਲੇ 13 ਸਾਲਾਂ ਤੋਂ ਸਬ ਡਵੀਜਨ ਸਰਦੂਲਗੜ੍ਹ ਪਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ
ਤੇ ਸਨਮਾਨਿਤ ਅਤੇ ਇਹ੍ਨਾ ਸਮਾਰੋਹਾਂ ਦਾ ਸ੍ਟੇਜ ਸ੍ਕੱਤਰ ਹਾਂ.


ਪੇਸ਼ ਹੈ ਓਹਨਾ ਦੀ ਏਕ ਗ਼ਜ਼ਲ .......
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ .....

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ

ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

(ਬਲਜੀਤ ਪਾਲ ਸਿੰਘ)

9417324432





ਪੰਜਾਬ ਬਾਰੇ ਜਾਣਕਾਰੀ ਲਭੋ ਜੀ